ਪਿਆਰੇ ਵਿਦਿਆਰਥੀਓ,

ਮੇਰੇ ਲਈ ਇਹ ਬੜੇ ਹੀ ਸੁਭਾਗ ਦੀ ਗੱਲ ਹੈ ਕਿ ਤੁਸੀਂ ਇਸ ਸੈਸ਼ਨ 2023-24 ਦੌਰਾਨ ਸਰਕਾਰੀ ਕਾਲਜ ਡੇਰਾ ਬੱਸੀ ਵਿੱਚ ਦਾਖਲਾ ਲੈ ਕੇ ਆਪਣੇ ਭੱਵਿਖ ਦਾ ਆਗਾਜ਼ ਕਰ ਰਹੇ ਹੋ। ਮੈਂ ਆਪਣੇ ਅਤੇ ਆਪਣੇ ਸਮੁੱਚੇ ਸਟਾਫ ਵੱਲੋਂ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਦਾ ਇਸ ਕਾਲਜ ਦੇ ਵਿਹੜੇ ਵਿੱਚ ਪਹੁੰਚਣ ਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ। ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਨਾ ਸਿਰਫ ਆਪਣੇ ਭਵਿੱਖ ਬਲਕਿ ਸਮੁੱਚੇ ਸਮਾਜ ਅਤੇ ਦੇਸ਼ ਦੇ ਭਵਿੱਖ ਦੀ ਦਸ਼ਾ ਅਤੇ ਦਿਸ਼ਾ ਨਿਰਧਾਰਿਤ ਕਰਦੇ ਹਨ। ਇਸ ਅਟੱਲ ਸੱਚਾਈ ਅਤੇ ਜ਼ਿੰਮੇਹਵਾਰੀ ਦੇ ਅਹਿਸਾਸ ਨਾਲ ਹੀ ਸਰਕਾਰੀ ਕਾਲਜ ਡੇਰਾ ਬੱਸੀ ਪਿਛਲੇ 47 ਸਾਲਾਂ ਤੋਂ ਨਿਰੰਤਰ ਵਿੱਦਿਆ ਅਤੇ ਗਿਆਨ ਦੀ ਰੌਸ਼ਨੀ ਵੰਡ ਰਿਹਾ ਹੈ। ਡੇਰਾ ਬੱਸੀ ਇਲਾਕੇ ਅਤੇ ਆਸ-ਪਾਸ ਦੇ ਲਗਭਗ 120 ਪਿੰਡਾਂ ਲਈ ਇਹ ਕਾਲਜ ਵਿੱਦਿਆ ਦੇ ਖੇਤਰ ਵਿੱਚ ਇੱਕ ਚਾਨਣ-ਮੁਨਾਰੇ ਦੀ ਤਰ੍ਹਾਂ ਹੈ। ਇਹ ਕਾਲਜ ਇੱਕ ਨਾਮਵਰ ਸੰਸਥਾ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਕਿਉਂਕਿ ਇਹ ਕਾਲਜ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ।

ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਕਾਲਜ ਦੇ ਵਿਦਿਆਰਥੀ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ ਅਤੇ ਸਿੱਖਿਆ ਪ੍ਰਤੀ ਆਪਣੀ ਸਮਰਪਿਤ ਭਾਵਨਾ ਨਾਲ ਕਾਲਜ ਦਾ ਨਾਂ ਹੋਰ ਉੱਚੀਆਂ ਬੁਲੰਦੀਆਂ ਤੱਕ ਲੈ ਕੇ ਜਾਣ ਵਿੱਚ ਮੇਰਾ ਅਤੇ ਮੇਰੇ ਸਟਾਫ ਦਾ ਪੂਰਾ ਸਹਿਯੋਗ ਦੇਣਗੇ। ਮੇਰਾ ਵਿਸ਼ਵਾਸ ਹੈ ਕਿ ਕਾਲਜ ਦੇ ਮਿਹਨਤੀ, ਨਿਪੁੰਨ ਅਤੇ ਆਪਣੇ-ਆਪਣੇ ਵਿਸ਼ੇ ਵਿੱਚ ਮਾਹਿਰ ਪ੍ਰੋਫੈਸਰ ਸਾਹਿਬਾਨ ਦੀ ਸਿੱਖਿਆ ਨਿੱਤ ਦਿਨ ਬਦਲ ਰਹੇ ਸੰਸਾਰ ਵਿੱਚ ਤੁਹਾਨੂੰ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਕਾਬਿਲ ਬਣਾਵੇਗੀ। ਸਰਕਾਰੀ ਕਾਲਜ ਡੇਰਾਬੱਸੀ ਦੀ ਪ੍ਰਿੰਸੀਪਲ ਹੋਣ ਦੇ ਨਾਤੇ ਮੈਂ ਕਾਲਜ ਦੇ ਸਮੂਹ ਪ੍ਰੋਫੈਸਰ ਸਾਹਿਬਾਨ ਅਤੇ ਬਾਕੀ ਸਮੁੱਚੇ ਸਟਾਫ ਵੱਲੋਂ ਇੱਕ ਵਾਰ ਫੇਰ ਤੁਹਾਡਾ ਕਾਲਜ ਵਿੱਚ ਨਿੱਘਾ ਸਵਾਗਤ ਕਰਦੀ ਹਾਂ।

ਡਾ. ਸੁਜਾਤਾ ਕੌਸ਼ਲ

ਪ੍ਰਿੰਸੀਪਲ