
ਪਿਆਰੇ ਵਿਦਿਆਰਥੀਓ,
ਸਰਕਾਰੀ ਕਾਲਜ ਡੇਰਾ ਬੱਸੀ ਪਿਛਲੇ ਪੰਜਾਹ ਸਾਲ ਤੋਂ ਇਲਾਕੇ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਇਹ ਕਾਲਜ ਵਿਦਿਆਰਥੀਆਂ ਨੂੰ ਚੰਗੇ ਮਨੁੱਖ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਲਗਾਤਾਰ ਯਤਨਸ਼ੀਲ ਹੈ। ਕਾਲਜ ਦਾ ਬੁਨਿਆਦੀ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਤਰ੍ਹਾਂ ਅਕਾਦਮਿਕ ਖੇਤਰ ’ਚ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਅਤੇ ਸੱਭਿਆਚਾਰਿਕ ਗਤੀਵਿਧੀਆਂ ਵਿੱਚ ਵੀ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਤੁਹਾਡੇ ਕਲਾਤਮਿਕ ਤੇ ਸਿਰਜਣਾਤਮਿਕ ਹੁਨਰ ਨੂੰ ਵਿਕਸਿਤ ਕਰਨ ਲਈ ਸਮੂਹ ਅਧਿਆਪਕ ਸਾਹਿਬਾਨ ਸਦਾ ਯਤਨਸ਼ੀਲ ਰਹਿੰਦੇ ਹਨ। ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦੀ ਹਾਂ ਕਿ ਕਾਲਜ ਵਿੱਚ ਪੜ੍ਹਦਿਆਂ ਹੋਇਆਂ ਤੁਹਾਡੀ ਇਸ ਵਿੱਦਿਅਕ ਯਾਤਰਾ ਦੀ ਅਗਵਾਈ ਕਾਲਜ ਦਾ ਯੋਗ, ਨਿਪੁੰਨ ਅਤੇ ਸਮਰਪਿਤ ਸਟਾਫ਼ ਕਰੇਗਾ। ਉਹ ਤੁਹਾਡੀ ਸ਼ਖਸੀਅਤ ਨੂੰ ਆਤਮ ਵਿਸ਼ਵਾਸ, ਆਤਮ ਅਨੁਸ਼ਾਸਨ ਅਤੇ ਆਤਮ ਨਿਰਭਰਤਾ ਦੇ ਗੁਣਾਂ ਨਾਲ ਲਿਬਰੇਜ਼ ਕਰੇਗਾ।
ਮੈਂ ਕਾਲਜ ਵਿੱਚ ਪੜ੍ਹਾਈ ਦੌਰਾਨ ਤੁਹਾਡੇ ਤੋਂ ਕਾਲਜ ਵਿੱਚ ਅਨੁਸ਼ਾਸਨ ਦੀ ਪਾਲਣਾ, ਲਗਨ ਨਾਲ ਪੜ੍ਹਾਈ ਕਰਨ ਅਤੇ ਹੋਰ ਗਤੀਵਿਧੀਆਂ ਵਿੱਚ ਭਾਗੀਦਾਰੀ ਦੀ ਆਸ ਰੱਖਦੀ ਹਾਂ। ਮੈਨੂੰ ਮਾਣ ਹੈ ਕਿ ਪਿਛਲੇ ਸਮੇਂ ਦੌਰਾਨ ਕਾਲਜ ਵਿੱਚੋਂ ਪੜ੍ਹ ਕੇ ਗਏ ਜ਼ਿਆਦਾਤਰ ਵਿਦਿਆਰਥੀ ਸਮਾਜਿਕ-ਆਰਥਿਕ ਤੌਰ ’ਤੇ ਸਫ਼ਲ ਹੋਣ ਦੇ ਨਾਲ-ਨਾਲ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ, ਬਿਜ਼ਨਸ ਅਤੇ ਰਾਜਨੀਤਿਕ ਖੇਤਰਾਂ ਵਿੱਚ ਬੁਲੰਦੀਆਂ ਹਾਸਿਲ ਕਰ ਰਹੇ ਹਨ ਅਤੇ ਉਹ ਸਮਾਜ ਵਿੱਚ ਉਸਾਰੂ ਭੂਮਿਕਾ ਨਿਭਾ ਰਹੇ ਹਨ। ਇਸ ਤਰ੍ਹਾਂ ਅਸੀਂ ਗਿਆਨ ਅਤੇ ਆਤਮ ਵਿਕਾਸ ਦੇ ਰਾਹ ’ਤੇ ਚਲਦਿਆਂ ਹੋਇਆਂ ਆਪਣੇ ਦੇਸ਼ ਅਤੇ ਕੌਮ ਦੇ ਵਿਕਾਸ ਲਈ ਯਤਨਸ਼ੀਲ ਹੋਈਏ। ਮੈਂ ਤੁਹਾਡਾ ਸਭ ਦਾ ਕਾਲਜ ਵਿੱਚ ਸੁਆਗਤ ਕਰਦੀ ਹਾਂ ਤੇ ਤੁਹਾਨੂੰ ਭਵਿੱਖ ਲਈ ਸ਼ੁੱਭ-ਇੱਛਾਵਾਂ ਦਿੰਦੀ ਹਾਂ।
ਗਿਤਾਂਜਲੀ ਕਾਲੜਾ
ਪ੍ਰਿੰਸੀਪਲ
ਸਰਕਾਰੀ ਕਾਲਜ ਡੇਰਾ ਬੱਸੀ